Hukamnama from Gurdwara Sri Ber Sahib Sultanpur Lodhi

ਬੁੱਧਵਾਰ 13 ਮਈ 2020 (31 ਵੈਸਾਖਿ ਹੁਕਮਨਾਮਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ)

ਸੂਹੀ ਮਹਲਾ ੫ ॥ ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ ॥ ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਊਤਮ ਬਾਣੀ ॥ ਸਹਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ ॥ ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ ॥ ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣਿ ਆਈ ॥੧॥ {ਅੰਗ 781}

ਅਰਥ: ਹੇ ਭਾਈ! ਮਨੁੱਖ ਦਾ ਇਹ ਸਰੀਰ-) ਘਰ ਪਰਮਾਤਮਾ ਨੇ ਨਾਮ ਜਪਣ ਲਈ ਬਣਾਇਆ ਹੈ, (ਇਸ ਘਰ ਵਿਚ) ਸੰਤ-ਜਨ ਭਗਤ-ਜਨ (ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ। ਆਪਣੇ ਮਾਲਕ-ਪ੍ਰਭੂ (ਦਾ ਨਾਮ) ਹਰ ਵੇਲੇ ਸਿਮਰ ਸਿਮਰ ਕੇ (ਸੰਤ ਜਨ ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰਾ ਲੈਂਦੇ ਹਨ।

ਹੇ ਭਾਈ! ਇਸ ਸਰੀਰ-ਘਰ ਵਿਚ ਸੰਤ ਜਨਾਂ ਨੇ) ਪਰਮਾਤਮਾ ਦੀ ਪਵਿੱਤਰ ਸਿਫ਼ਤਿ-ਸਾਲਾਹ ਦੀ ਬਾਣੀ ਗਾ ਕੇ, ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕੀਤਾ ਹੈ। (ਇਸ ਸਰੀਰ-ਘਰ ਵਿਚ ਸੰਤ-ਜਨਾਂ ਨੇ) ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੍ਰਭੂ ਦੀ ਅਤਿ ਮਿੱਠੀ ਸਿਫ਼ਤਿ-ਸਾਲਾਹ ਕੀਤੀ ਹੈ ਜੋ ਆਤਮਕ ਅਡੋਲਤਾ ਪੈਦਾ ਕਰਦੀ ਹੈ।

ਹੇ ਦਾਸ ਨਾਨਕ! ਜਿਸ ਮਨੁੱਖ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ (ਉਸ ਦੇ ਸਰੀਰ-ਘਰ ਵਿਚ ਉਹ) ਸ਼ੁਭ ਸੰਜੋਗ ਆ ਬਣਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੁਹੂਰਤ ਆ ਬਣਦਾ ਹੈ ਜਦੋਂ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ ਰੱਖੀ ਜਾਂਦੀ ਹੈ (ਤੇ, ਜਿਸ ਦੇ ਅੰਦਰ ਇਹ ਨੀਂਹ ਰੱਖੀ ਜਾਂਦੀ ਹੈ, ਉਸ ਦੇ ਅੰਦਰ) ਤਕੜੀ ਆਤਮਕ ਤਾਕਤ ਪੈਦਾ ਹੋ ਜਾਂਦੀ ਹੈ।

Leave a Reply

Your email address will not be published. Required fields are marked *